ਪੀੜ੍ਹੀਆਂ ਨੂੰ ਜੋੜਨਾ, ਖੁਸ਼ੀ ਸਿਰਜਣਾ
ਸੰਪਰਕ ਦੇ ਪਲਾਂ ਦਾ ਲੌਂਗ-ਟਰਮ ਕੇਅਰ 'ਤੇ ਬਹੁਤ ਪ੍ਰਭਾਵ ਪੈ ਸਕਦਾ ਹੈ। ਬੱਚਿਆਂ ਅਤੇ ਨਿਵਾਸੀਆਂ ਨੂੰ ਇਕੱਠੇ ਲਿਆਉਣ ਨਾਲ ਖੁਸ਼ੀ, ਆਪਣਾਪਨ ਅਤੇ ਅਰਥਪੂਰਨ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲ ਰਹੀ ਹੈ।
ਵੈਨਕੂਵਰ ਕੋਸਟਲ ਹੈਲਥ (VCH) ਵਿਖੇ, ਅਸੀਂ ਜਾਣਦੇ ਹਾਂ ਕਿ ਸੰਪਰਕ ਗੁਣਵੱਤਾ ਵਾਲੀ ਲੌਂਗ-ਟਰਮ ਕੇਅਰ ਦਾ ਮੁੱਢ ਹੈ। ਰਿਚਮੰਡ ਵਿੱਚ ਸਾਡੇ ਦੋ ਲੌਂਗ-ਟਰਮ ਕੇਅਰ ਹੋਮਾਂ ਵਿੱਚ, ਅੰਤਰ-ਪੀੜ੍ਹੀ ਪ੍ਰੋਗਰਾਮ ਵੱਖ-ਵੱਖ ਪੀੜ੍ਹੀਆਂ ਨੂੰ ਇਕੱਠੇ ਲਿਆ ਰਹੇ ਹਨ, ਖੁਸ਼ੀਆਂ ਪੈਦਾ ਕਰ ਰਹੇ ਹਨ, ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਭਾਈਚਾਰੇ ਵਿੱਚ ਗੂੜ੍ਹੇ ਸੰਬੰਧ ਸਿਰਜ ਰਹੇ ਹਨ।
ਮਿਨੋਰੂ ਰੈਜ਼ੀਡੈਂਸ ਵਿਖੇ, ਨਿਵਾਸੀ ਜੀਨੀਅਸ ਐਜੂਕੇਸ਼ਨ ਅਕੈਡਮੀ ਦੇ ਪ੍ਰੀਸਕੂਲ ਬੱਚਿਆਂ ਨਾਲ ਮਹੀਨਾਵਾਰ ਕਲਾ ਅਤੇ ਸੰਗੀਤ ਥੈਰੇਪੀ ਸੈਸ਼ਨਾਂ ਵਿੱਚ ਹਿੱਸਾ ਲੈਂਦੇ ਹਨ। ਨਾਲ-ਨਾਲ ਕੰਮ ਕਰਦੇ ਹੋਏ, ਬੱਚੇ ਅਤੇ ਨਿਵਾਸੀ ਇੱਕ-ਦੂਜੇ ਨਾਲ ਅਰਥਪੂਰਨ ਸਬੰਧ ਬਣਾਉਂਦੇ ਹਨ ਜੋ ਭਾਵਨਾਤਮਕ ਤੰਦਰੁਸਤੀ ਦਾ ਸਮਰਥਨ ਕਰਦੇ ਹਨ, ਵਿਸ਼ਵਾਸ ਪੈਦਾ ਕਰਦੇ ਹਨ ਅਤੇ ਇਕੱਲਤਾ ਦੀਆਂ ਭਾਵਨਾਵਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
"ਅੰਤਰ-ਪੀੜ੍ਹੀ ਪ੍ਰੋਗਰਾਮਿੰਗ ਦੇਖਭਾਲ ਦੇ ਸਮਾਜਿਕ ਮਾਡਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ," ਮਿਨੋਰੂ ਰੈਜ਼ੀਡੈਂਸ ਦੀ ਇੱਕ ਸੋਸ਼ਲ ਵਰਕਰ, Ada Chow ਕਹਿੰਦੀ ਹੈ। "ਸੰਗੀਤ ਅਤੇ ਕਲਾ ਰਾਹੀਂ ਹਾਸੇ ਅਤੇ ਸਿਰਜਣਾਤਮਕਤਾ ਦੇ ਪਲ ਸਾਂਝੇ ਕਰਨ ਨਾਲ ਬੱਚਿਆਂ ਨੂੰ ਬਜ਼ੁਰਗਾਂ ਨਾਲ ਜੁੜਨ ਵਿੱਚ ਮਦਦ ਮਿਲਦੀ ਹੈ, ਯੋਗਤਾਵਾਂ ਜਾਂ ਭਾਸ਼ਾ ਦੇ ਅੰਤਰ ਦੀ ਪਰਵਾਹ ਕੀਤੇ ਬਿਨ੍ਹਾਂ।"
ਰਿਚਮੰਡ ਲਾਇਨਜ਼ ਮੈਨਰ (Richmond Lions Manor) ਵਿਖੇ, ਸਟਾਫ ਨੇ ਗਰਮੀਆਂ, ਸਰਦੀਆਂ ਅਤੇ ਬਸੰਤ ਦੀਆਂ ਛੁੱਟੀਆਂ ਦੌਰਾਨ ਘਰ ਦੇ ਅੰਦਰ ਹਫ਼ਤੇ ਭਰ ਚੱਲਣ ਵਾਲੇ ਬੱਚਿਆਂ ਦੇ ਕੈਂਪਾਂ ਦੀ ਮੇਜ਼ਬਾਨੀ ਕਰਕੇ ਇੱਕ ਨਵਾਂ ਤਰੀਕਾ ਪੇਸ਼ ਕੀਤਾ। ਪੰਜ ਤੋਂ 12 ਸਾਲ ਦੀ ਉਮਰ ਦੇ ਸਟਾਫ਼ ਮੈਂਬਰਾਂ ਦੇ ਬੱਚੇ ਗੱਲਬਾਤ, ਸਿਖਲਾਈ ਅਤੇ ਸਾਂਝੇ ਅਨੁਭਵਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਗਤੀਵਿਧੀਆਂ ਲਈ ਹਰ ਰੋਜ਼ ਨਿਵਾਸੀਆਂ ਨਾਲ ਸ਼ਾਮਲ ਹੁੰਦੇ ਸਨ। ਘਰ ਦੀ ਮਨੋਰੰਜਨ ਟੀਮ ਅਤੇ ਸੰਗੀਤ ਥੈਰੇਪਿਸਟ ਨੇ ਮਿਲ ਕੇ ਅਜਿਹੇ ਪ੍ਰੋਗਰਾਮ ਤਿਆਰ ਕੀਤੇ ਜੋ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਲਈ ਦਿਲਚਸਪ, ਸਮਾਵੇਸ਼ੀ ਅਤੇ ਅਰਥਪੂਰਨ ਸਨ।
ਇਹਨਾਂ ਅੰਤਰ-ਪੀੜ੍ਹੀ ਸਬੰਧਾਂ ਨੇ ਦੋਵਾਂ ਘਰਾਂ ਵਿੱਚ ਨਵੀਂ ਊਰਜਾ ਲਿਆਂਦੀ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਘੱਟ ਇਕੱਲੇ ਮਹਿਸੂਸ ਕਰਦੇ ਹਨ ਅਤੇ ਜ਼ਿਆਦਾ ਰੁੱਝੇ ਹੋਏ ਹੁੰਦੇ ਹਨ, ਜਦੋਂ ਕਿ ਬੱਚੇ ਹਮਦਰਦੀ ਅਤੇ ਬੁਢਾਪੇ ਬਾਰੇ ਡੂੰਘੀ ਸਮਝ ਪ੍ਰਾਪਤ ਕਰਦੇ ਹਨ। ਜਿਵੇਂ ਕਿ ਪਰਿਵਾਰ ਦੇ ਇੱਕ ਮੈਂਬਰ ਨੇ ਸਾਂਝਾ ਕੀਤਾ, "ਇਹ ਦੇਖ ਕੇ ਬਹੁਤ ਚੰਗਾ ਲੱਗਦਾ ਹੈ ਕਿ ਬੱਚੇ ਨਿਵਾਸੀਆਂ ਨੂੰ ਕਿੰਨੀ ਖੁਸ਼ੀ ਦਿੰਦੇ ਹਨ।"
ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ, ਅਸੀਂ ਮਹੱਤਵਪੂਰਨ ਪਲ ਸਿਰਜ ਰਹੇ ਹਾਂ, ਪੀੜ੍ਹੀਆਂ ਨੂੰ ਇੱਕਠੇ ਲਿਆ ਰਹੇ ਹਾਂ, ਭਾਈਚਾਰੇ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਅਜਿਹੀ ਦੇਖਭਾਲ ਪ੍ਰਦਾਨ ਕਰ ਰਹੇ ਹਾਂ ਜੋ ਮਨੁੱਖੀ ਸਬੰਧਾਂ ਨੂੰ ਕਲੀਨਿਕਲ ਸਹਾਇਤਾ ਵਾਂਗ ਹੀ ਮਹੱਤਵ ਦਿੰਦੀ ਹੈ।