ਆਰਥੋਪੀਡਿਕ ਸਰਜਰੀ ਦੇ ਰਸਤੇ ਨੂੰ ਸਰਲ ਬਣਾਉਣਾ
ਜਦੋਂ ਦੇਖਭਾਲ ਨੂੰ ਸਮਝਣਾ ਸਰਲ ਹੋ ਜਾਂਦਾ ਹੈ, ਤਾਂ ਮਰੀਜ਼ ਇਲਾਜ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਨ। ਆਰਥੋਪੀਡਿਕ ਸਰਜਰੀ ਲਈ ਇੱਕ ਵਧੇਰੇ ਸੰਮਿਲਿਤ ਤਰੀਕਾ ਤਣਾਅ ਨੂੰ ਘਟਾਉਣਾ ਅਤੇ ਦੇਖਭਾਲ ਦੀ ਯਾਤਰਾ ਨੂੰ ਬਿਹਤਰ ਬਣਾਉਣਾ ਹੈ।
ਆਰਥੋਪੀਡਿਕ ਪੁਨਰ ਨਿਰਮਾਣ ਸਰਜਰੀ ਦੀ ਤਿਆਰੀ ਕਰ ਰਹੇ ਲੋਕਾਂ ਲਈ, ਅਜਿਹੀ ਦੇਖਭਾਲ ਜੋ ਤਾਲਮੇਲ ਵਾਲੀ ਅਤੇ ਸਮਝਣ ਵਿੱਚ ਸਰਲ ਹੋਵੇ, ਇੱਕ ਸਾਰਥਕ ਫ਼ਰਕ ਲਿਆ ਸਕਦੀ ਹੈ। ਇਹ ਜਾਣਕਾਰੀ ਹੋਣਾ ਕਿ ਕਿੱਥੇ ਜਾਣਾ ਹੈ, ਅਤੇ ਇਹ ਕਿ ਤੁਹਾਡੀ ਦੇਖਭਾਲ ਟੀਮ ਆਪਸ ਵਿੱਚ ਸੰਪਰਕ ਵਿੱਚ ਹੈ, ਪਹਿਲਾਂ ਹੀ ਚੁਣੌਤੀਪੂਰਨ ਸਮੇਂ ਦੌਰਾਨ ਤਣਾਅ ਘਟਾਉਣ ਵਿੱਚ ਮਦਦ ਕਰਦਾ ਹੈ।
ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਹਸਪਤਾਲ ਵਿੱਚ ਕਈ ਮੁੱਖ ਆਰਥੋਪੀਡਿਕ ਸੇਵਾਵਾਂ ਇੱਕੋ ਛੱਤ ਹੇਠ ਇਕੱਠੀਆਂ ਹੋਈਆਂ ਹਨ, ਜਿਸ ਨਾਲ ਇੱਕ ਵਧੇਰੇ ਸਹਿਜ, ਮਰੀਜ਼-ਕੇਂਦ੍ਰਿਤ ਅਨੁਭਵ ਸਿਰਜਿਆ ਗਿਆ ਹੈ।
2025 ਵਿੱਚ, ਕੰਪਲੈਕਸ ਜੁਆਇੰਟ ਕਲੀਨਿਕ, ਦਾ ਹਿਪ ਐਂਡ ਨੀਅ ਆਰਥਰਾਈਟਸ ਸਰਜੀਕਲ ਅਸੈੱਸਮੈਂਟ ਪ੍ਰੋਗਰਾਮ (ASAP) ਅਤੇ ਪੂਰੀ ਆਰਥੋਪੀਡਿਕ ਪੁਨਰ ਨਿਰਮਾਣ ਟੀਮ UBC ਹਸਪਤਾਲ ਵਿੱਚ ਇੱਕ ਨਵੀਂ ਮੁਰੰਮਤ ਕੀਤੀ ਜਗ੍ਹਾ ਵਿੱਚ ਚਲੇ ਗਏ। ਇਹ ਟੀਮਾਂ, ਜਿਨ੍ਹਾਂ ਵਿੱਚ ਸਰਜਨ, ਰੈਜ਼ੀਡੈਂਟ, ਫੈਲੋ ਅਤੇ ਖੋਜਕਰਤਾ ਸ਼ਾਮਲ ਹਨ, ਹੁਣ ਓਪਰੇਟਿੰਗ ਰੂਮ (OR) ਅਤੇ ਸਰਜੀਕਲ ਕਲੀਨਿਕਾਂ ਦੇ ਬਿਲਕੁਲ ਕੋਲ ਸਥਿਤ ਹਨ।
ਮਰੀਜ਼ਾਂ ਲਈ, ਇਸ ਬਦਲਾਅ ਦਾ ਅਰਥ ਹੈ ਘੱਟ ਯਾਤਰਾ, ਵੱਖ-ਵੱਖ ਥਾਵਾਂ 'ਤੇ ਘੱਟ ਮੁਲਾਕਾਤਾਂ ਅਤੇ ਇੱਕ ਸਪਸ਼ਟ, ਵਧੇਰੇ ਸੁਚਾਰੂ ਦੇਖਭਾਲ ਯਾਤਰਾ।
ਮੁਲਾਂਕਣ, ਇਮੇਜਿੰਗ, ਸਰਜਰੀ, ਹਸਪਤਾਲ ਵਿੱਚ ਠਹਿਰਨਾ ਅਤੇ ਫਾਲੋ-ਅੱਪ ਮੁਲਾਕਾਤਾਂ ਹੁਣ ਇੱਕੋ ਥਾਂ 'ਤੇ ਹੁੰਦੀਆਂ ਹਨ। ਇਸਦਾ ਅਰਥ ਇਹ ਵੀ ਹੈ ਕਿ ਕਿਸੇ ਅਣਕਿਆਸੀ ਘਟਨਾ ਹੋਣ ਦੀ ਸੂਰਤ ਵਿੱਚ ਤੁਰੰਤ ਮੱਦਦ ਮਿਲਦੀ ਹੈ।
"ਸਾਡੇ ਸਰਜਨਾਂ ਦੇ ਕਲੀਨਿਕ ਓਪਰੇਟਿੰਗ ਰੂਮ (OR) ਦੇ ਨਾਲ ਲੱਗਦੇ ਹਨ, ਇਸ ਲਈ ਮਰੀਜ਼ਾਂ ਦੀਆਂ ਤੁਰੰਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਧੇਰੇ ਲਚਕਤਾ ਹੈ," UBC ਹਸਪਤਾਲ ਦੇ ਓਪਰੇਸ਼ਨ ਡਾਇਰੈਕਟਰ ਅਤੇ ਸਾਈਟ ਲੀਡਰ, Tracey Taulu ਕਹਿੰਦੇ ਹਨ।
2024 ਅਤੇ 2025 ਦੇ ਵਿਚਕਾਰ, UBC ਹਸਪਤਾਲ ਨੇ 2,000 ਤੋਂ ਵੱਧ ਚੂਲ਼ਾ ਅਤੇ ਗੋਡੇ ਬਦਲਣ ਦੇ ਆਪ੍ਰੇਸ਼ਨ ਕੀਤੇ, ਜੋ ਕਿ VCH ਵਿੱਚ ਕੀਤੇ ਗਏ ਆਪ੍ਰੇਸ਼ਨਾਂ ਵਿੱਚੋਂ ਲੱਗਭੱਗ ਅੱਧੇ ਸਨ। ਇਹ ਹਸਪਤਾਲ ਸੂਬੇ ਭਰ ਦੇ ਲੋਕਾਂ ਲਈ ਗੁੰਝਲਦਾਰ ਆਰਥੋਪੀਡਿਕ ਪੁਨਰ ਨਿਰਮਾਣ ਦਾ ਇੱਕ ਕੇਂਦਰ ਬਣਿਆ ਹੋਇਆ ਹੈ।
ਮਰੀਜ਼ਾਂ ਨੂੰ ਵਿਸਤ੍ਰਿਤ ਰੇਡੀਓਲੋਜੀ ਸੇਵਾਵਾਂ ਤੋਂ ਵੀ ਲਾਭ ਮਿਲਦਾ ਹੈ। ਤੀਜੇ ਜਨਰਲ ਰੇਡੀਓਗ੍ਰਾਫੀ ਸੁਈਟ ਦੇ ਸ਼ਾਮਿਲ ਹੋਣ ਨਾਲ, ਬਹੁਤ ਸਾਰੇ ਲੋਕ ਹੁਣ ਆਪਣੇ ਐਕਸ-ਰੇ ਅਤੇ ਸਰਜੀਕਲ ਮਾਰਕਰ ਇੱਕ ਫੇਰੀ ਵਿੱਚ ਪੂਰੇ ਕਰਦੇ ਹਨ, ਅਤੇ ਸਰਜਰੀ ਦੇ ਨੇੜੇ ਦੁਬਾਰਾ ਇਮੇਜਿੰਗ ਕਰਵਾਉਣ ਦੀ ਲੋੜ ਨਹੀਂ ਪੈਂਦੀ।
Tracey ਕਹਿੰਦੀ ਹੈ, "ਕਲੀਨਿਕ, ਸਰਜਨ, ਫਿਜ਼ੀਓਥੈਰੇਪਿਸਟ, ਡਾਇਗਨੌਸਟਿਕਸ, ਖੋਜਕਾਰ ਅਤੇ ਓਪਰੇਟਿੰਗ ਰੂਮ ਦੇ ਹੁਣ ਇੱਕ ਦੂਜੇ ਦੇ ਨੇੜੇ ਹੋਣ ਨਾਲ, ਸਾਡੀਆਂ ਟੀਮਾਂ ਲਈ ਪੂਰੇ ਸੂਬੇ ਵਿੱਚ ਮਰੀਜ਼ਾਂ ਲਈ ਸਮੱਸਿਆ ਨੂੰ ਜਲਦੀ ਹੱਲ ਕਰਨ, ਸਹਿਯੋਗ ਕਰਨ ਅਤੇ ਮਰੀਜ਼ਾਂ ਦੀ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰਨ ਦੇ ਵਧੇਰੇ ਮੌਕੇ ਹਨ।"