ਦੇਖਭਾਲ ਦੇ ਮੂਲ ਵਿੱਚ: ਬੈਨਫੀਲਡ ਪੈਵਿਲੀਅਨ (Banfield Pavillion) ਵਿਖੇ ਇਲਾਜ ਦੇ ਹਿੱਸੇ ਵਜੋਂ ਕੁਦਰਤ
ਜਦੋਂ ਦੇਖਭਾਲ ਹੱਦਬੰਦੀਆਂ ਅਤੇ ਨਿਤਨੇਮਾਂ ਤੋਂ ਪਰੇ ਫੈਲ ਜਾਂਦੀ ਹੈ, ਤਾਂ ਕੁਦਰਤ ਇਲਾਜ ਵਿੱਚ ਇੱਕ ਸ਼ਾਂਤ ਸਾਥੀ ਬਣ ਸਕਦੀ ਹੈ, ਸਕੂਨ, ਆਰਾਮ ਅਤੇ ਸੰਪਰਕ ਦੇ ਪਲ ਪ੍ਰਦਾਨ ਕਰਦੀ ਹੈ।
ਬਹੁਤ ਸਾਰੇ ਸਿਹਤ-ਸੰਭਾਲ ਵਾਤਾਵਰਣ ਨਿਰਜੀਵ ਜਾਂ ਅਪਣੱਤ-ਰਹਿਤ ਮਹਿਸੂਸ ਹੋ ਸਕਦੇ ਹਨ, ਅਤੇ ਅਸੀਂ ਸਮੁਚੇ ਵੈਨਕੂਵਰ ਕੋਸਟਲ ਹੈਲਥ (VCH) ਵਿੱਚ ਇਸਨੂੰ ਬਦਲਣ ਲਈ ਕੰਮ ਕਰ ਰਹੇ ਹਾਂ। ਸੋਚ-ਸਮਝ ਕੇ ਕੀਤੀ ਗਈ ਜਗ੍ਹਾ ਦੀ ਯੋਜਨਾਬੰਦੀ ਅਤੇ ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਪ੍ਰੋਗਰਾਮਾਂ ਰਾਹੀਂ, ਅਸੀਂ ਸਵਾਗਤਯੋਗ, ਘਰ ਵਰਗੀਆਂ ਥਾਵਾਂ ਬਣਾ ਰਹੇ ਹਾਂ ਜੋ ਗਾਹਕਾਂ, ਨਿਵਾਸੀਆਂ ਅਤੇ ਪਰਿਵਾਰਾਂ ਲਈ ਦੇਖਭਾਲ ਦੇ ਅਨੁਭਵ ਨੂੰ ਹੋਰ ਵਧੀਆ ਬਣਾਉਦੀਆਂ ਹਨ।
ਸਾਡੇ ਇੱਕ ਲੌਂਗ-ਟਰਮ ਕੇਅਰ ਹੋਮ ਬੈਨਫੀਲਡ ਪੈਵਿਲੀਅਨ ਵਿਖੇ, ਨਿਵਾਸੀ ਤੰਦਰੁਸਤੀ ਦਾ ਸਮਰਥਨ ਕਰਨ ਲਈ ਤਿਆਰ ਕੀਤੇ ਗਏ ਜੀਵੰਤ ਬਾਗ਼ ਪ੍ਰੋਗਰਾਮਾਂ ਤੋਂ ਲਾਭ ਉਠਾਉਂਦੇ ਹਨ। ਭਾਵੇਂ ਛੱਤ ਵਾਲੇ ਬਗੀਚੇ ਵਿੱਚ ਸਮਾਂ ਬਿਤਾਉਣਾ ਹੋਵੇ, ਅੰਦਰਲੇ ਟ੍ਰੈਂਕੁਇਲਿਟੀ ਰੂਮ ਦੀ ਸ਼ਾਂਤੀ ਦਾ ਆਨੰਦ ਮਾਣਨਾ ਹੋਵੇ, ਜਾਂ ਮੋਬਾਈਲ ਬਗੀਚੀ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਹੋਵੇ, ਨਿਵਾਸੀਆਂ ਨੂੰ ਕੁਦਰਤ ਨਾਲ ਅਜਿਹੇ ਤਰੀਕਿਆਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜੋ ਆਰਾਮ ਅਤੇ ਖੁਸ਼ੀ ਲਿਆਉਂਦੇ ਹਨ।
“ਜਦੋਂ ਮੈਂ ਪਹਿਲੀ ਵਾਰ ਇੱਥੇ ਰਹਿਣ ਆਇਆ ਤਾਂ ਇੱਕ ਗੱਲ ਜਿਸਨੇ ਮੈਨੂੰ ਸੱਚਮੁੱਚ ਪ੍ਰਭਾਵਿਤ ਕੀਤਾ ਉਹ ਸੀ ਸਾਰੇ ਘਰ ਦੇ ਅੰਦਰਲੇ ਪੌਦੇ ਅਤੇ ਤੁਸੀਂ ਦੱਸ ਸਕਦੇ ਹੋ ਕਿ ਕੋਈ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਸੀ। ਇਹ ਇੱਥੇ ਦੇਖਭਾਲ ਦੇ ਮਿਆਰ ਨੂੰ ਦਰਸਾਉਂਦਾ ਹੈ, ” ਇੱਕ ਬੈਨਫੀਲਡ ਨਿਵਾਸੀ ਯਾਦ ਕਰਦਾ ਹੈ।
ਜਗ੍ਹਾ ਵਿੱਚ ਸੁੰਦਰਤਾ ਲਿਆਉਣ ਤੋਂ ਇਲਾਵਾ, ਇਹ ਇੰਟਰਐਕਟਿਵ ਗਾਰਡਨ ਪ੍ਰੋਗਰਾਮ ਅਰਥਪੂਰਨ ਸਿਹਤ ਲਾਭ ਪ੍ਰਦਾਨ ਕਰਦੇ ਹਨ।
ਖੋਜ ਅਤੇ ਨਿਵਾਸੀ ਅਨੁਭਵ ਦਰਸਾਉਂਦੇ ਹਨ ਕਿ ਪੌਦਿਆਂ ਨਾਲ ਬਿਤਾਇਆ ਸਮਾਂ ਤਣਾਅ, ਚਿੰਤਾ ਅਤੇ ਖਿਝ ਦੇ ਰਵੱਈਏ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਨਿਵਾਸੀ ਅਕਸਰ ਸਾਂਝਾ ਕਰਦੇ ਹਨ ਕਿ ਕਿਵੇਂ ਬਾਗ਼ ਉਹਨਾਂ ਨੂੰ ਚੰਗਾ ਮਹਿਸੂਸ ਕਰਾਉਂਦੇ ਹਨ: "ਫੁੱਲ ਹਮੇਸ਼ਾ ਮੈਨੂੰ ਚੰਗੇ ਮਿਜ਼ਾਜ ਵਿੱਚ ਰੱਖਦੇ ਹਨ," ਇੱਕ ਨਿਵਾਸੀ ਕਹਿੰਦਾ ਹੈ। ਇੱਕ ਹੋਰ ਕਹਿੰਦਾ ਹੈ, “ਮੈਨੂੰ ਨਹੀਂ ਪਤਾ ਕਿ ਮੈਂ ਇਸ ਬਾਗ਼ ਤੋਂ ਬਿਨਾਂ ਕਿੱਥੇ ਹੁੰਦਾ। ਇਹ ਮੇਰੇ ਲਈ ਸਭ ਕੁਝ ਹੈ।”
ਇਹਨਾਂ ਥਾਵਾਂ ਵਿੱਚ ਭਾਗੀਦਾਰੀ ਸਰੀਰਕ ਤੰਦਰੁਸਤੀ ਦਾ ਵੀ ਸਮਰਥਨ ਕਰਦੀ ਹੈ, ਇਸ ਨਾਲ ਗਤੀਸ਼ੀਲਤਾ ਅਤੇ ਸੰਤੁਲਨ ਵਿੱਚ ਸੁਧਾਰ ਦੇਖਿਆ ਗਿਆ ਹੈ, ਅਤੇ ਦਰਦ ਘਟਦਾ ਵੀ ਦੇਖਿਆ ਗਿਆ ਹੈ।
ਵਧੀਆ ਦੇਖਭਾਲ ਪ੍ਰਦਾਨ ਕਰਨਾ ਕਲੀਨਿਕਲ ਇਲਾਜ ਤੋਂ ਪਰੇ ਹੈ, ਇਹ ਅਧਿਆਤਮਿਕ, ਭਾਵਨਾਤਮਕ ਅਤੇ ਨਿੱਜੀ ਵੀ ਹੈ। ਕਈ ਦ੍ਰਿਸ਼ਟੀਕੋਣਾਂ ਤੋਂ ਦੇਖਭਾਲ ਨੂੰ ਦੇਖ ਕੇ, ਅਸੀਂ ਸਮੁੱਚੇ ਸਿਹਤ-ਸੰਭਾਲ ਅਨੁਭਵ ਨੂੰ ਬਿਹਤਰ ਬਣਾਉਣਾ ਜਾਰੀ ਰੱਖਦੇ ਹਾਂ। ਨਿੱਘਾ, ਆਰਾਮਦਾਇਕ ਅਤੇ ਜਾਣੂ ਵਾਤਾਵਰਣ ਬਣਾਉਣਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਉਨ੍ਹਾਂ ਲੋਕਾਂ ਦਾ ਸਮਰਥਨ ਕਰਦੇ ਹਾਂ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ ਅਤੇ ਨਾਲ ਹੀ ਸਾਰਿਆਂ ਲਈ ਬਿਹਤਰ ਨਤੀਜਿਆਂ ਲਈ ਯਤਨਸ਼ੀਲ ਹੁੰਦੇ ਹਾਂ।